ਇਸ ਕਾੱਲਮ ਤਹਿਤ ਪੋਸਟ ਕੀਤੇ ਲੇਖਾਂ ਅਤੇ ਟਿੱਪਣੀਆਂ ਵਿਚ ਪ੍ਰਗਟ ਕੀਤੇ ਵਿਚਾਰ ਲੇਖਕਾਂ ਜਾਂ ਪਾਠਕਾਂ ਦੇ ਆਪਣੇ ਹਨ। ਆਰਸੀ ਜਾਂ ਕਿਸੇ ਦਾ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ..ਸ਼ੁਕਰੀਆ ਜੀ।

Friday, August 24, 2012

‘ਦ ਗਰਾਸ’ ਨਜ਼ਮ ਕਾਰਲ ਸੈਂਡਬਰਗ ਦੀ ਜਾਂ ਪਾਸ਼ ਦੀ???- ਇਕ ਵਿਚਾਰ ਚਰਚਾ



ਦੋਸਤੋ! ਪਿਛਲੇ ਦਿਨੀਂ ਵੀਰ ਦਵਿੰਦਰ ਪੂਨੀਆ ਹੁਰਾਂ ਨੇ ਅੰਗਰੇਜ਼ੀ ਦੇ ਸੁਪ੍ਰਸਿੱਧ ਲੇਖਕ ਕਾਰਲ ਸੈਂਡਬਰਗ ਦੀ ( ਜਿਸਦਾ ਜੀਵਨ ਕਾਲ 1887-1967 ਸੀ ) ਇਕ ਨਜ਼ਮ ਪੜ੍ਹੀ ਦ ਗਰਾਸ ‘The Grass’... ( ਜੋ ਪਹਿਲੀ ਵਾਰ 1918 ਵਿਚ ਛਪੀ ਸੀ ) ਪੜ੍ਹ ਕੇ ਲੱਗਿਆ ਜਿਵੇਂ ਇਹ ਕਿਤੇ ਪਹਿਲਾਂ ਵੀ ਪੜ੍ਹੀ ਹੋਵੇ.... ਸੋਚਾਂ ਦੇ ਘੋੜੇ ਦੌੜਾਏ... ਲੱਗਿਆ ਕਿ ਪਾਸ਼ ਨੇ ਵੀ ਸ਼ਾਇਦ ਕਿਤੇ ਕੁਝ ਐਸਾ ਹੀ ਲਿਖਿਆ ਸੀ.... ਪਾਸ਼ ਦੀ ਨਜ਼ਮ ਲੱਭੀ....ਪੜ੍ਹੀ....ਲੱਗਿਆ ਦੋਵਾਂ ਨਜ਼ਮਾਂ ਚ ਉੱਨੀ-ਇੱਕੀ ਦਾ ਵੀ ਫ਼ਰਕ ਨਹੀਂ ਹੈ.....ਪਾਸ਼ ਦੀ ਨਜ਼ਮ , ਕਾਰਲ ਦੀ ਨਜ਼ਮ ਦਾ ਹੀ ਹੂ-ਬ-ਹੂ ਉਲੱਥਾ ਹੈ।
.......
ਦਵਿੰਦਰ ਵੀਰ ਨੇ ਮੈਨੂੰ ਕਾਲ ਕੀਤੀ...ਦੋਵੇਂ ਨਜ਼ਮਾਂ ਸੁਣਾਈਆਂ....ਕਾਰਲ ਦੀ ਕਿਤਾਬ ਮੈਂ ਵੀ ਕਾਫ਼ੀ ਵਰ੍ਹੇ ਪਹਿਲਾਂ ਪੜ੍ਹੀ ਹੋਈ ਸੀ... ਭੁੱਲੀਆਂ ਗੱਲਾਂ ਤਾਜ਼ਾ ਹੋਈਆਂ... ਸਾਡੇ ਦੋਵਾਂ ਦਰਮਿਆਨ ਖ਼ੂਬ ਵਿਚਾਰ ਹੋਇਆ ਲੱਗਿਆ ਦੋਵੇਂ ਨਜ਼ਮਾਂ ਇਕ ਹੀ ਹਨ...ਸੋਚਿਆ...ਚਲੋ ਫੇਸਬੁੱਕ
ਤੇ ਪੋਸਟ ਕਰਕੇ ਬਾਕੀ ਦੋਸਤਾਂ ਦੇ ਵਿਚਾਰ ਵੀ ਲੈਂਦੇ ਹਾਂ...ਸਿਰਫ਼ ਕਾਰਲ ਦੀ ਅੰਗਰੇਜ਼ੀ ਚ ਲਿਖੀ ਨਜ਼ਮ ਪੋਸਟ ਕੀਤੀ ਗਈ.... ਆਰਸੀ ਨਾਲ਼ ਜੁੜੇ ਲੇਖਕ ਦੋਸਤਾਂ ਨੂੰ ਬੁੱਝਣ ਲਈ ਕਿਹਾ ਗਿਆ...ਰਾਜਿੰਦਰਜੀਤ ਹੁਰਾਂ ਨੇ ਸਭ ਤੋਂ ਪਹਿਲਾਂ ਸਹੀ ਜਵਾਬ ਦਿੱਤਾ...ਕਿ ਪਾਸ਼ ਨੇ ਵੀ ਸ਼ਾਇਦ ਕੁਝ ਅਜਿਹਾ ਹੀ ਆਖਿਆ ਸੀ.....ਮੇਰੇ ਤਫ਼ਸੀਲ ਮੰਗਣ ਤੇ ਬਲਜੀਤ ਬਾਸੀ ਸਾਹਿਬ ਨੇ ਪਾਸ਼ ਦੀ ਸਾਰੀ ਨਜ਼ਮ ਪੋਸਟ ਕਰ ਦਿੱਤੀ।
........
ਸਾਰੇ ਲੇਖਕ ਦੋਸਤਾਂ ਦਾ ਧਿਆਨ ਯਕਦਮ ਦੋਵਾਂ ਨਜ਼ਮਾਂ ਨੇ ਖਿੱਚ ਲਿਆ.... ਸਵਾਲ ਉੱਠੇ  ਕਿ ਪਾਸ਼ ਨੇ ਕਾਰਲ ਦੀ ਨਜ਼ਮ ਦਾ ਤਰਜਮਾ ਆਪਣੇ ਨਾਮ ਅਧੀਨ ਕਿਉਂ ਛਾਪਿਆ, ਇਹ ਤਾਂ ਸਾਹਿਤਕ ਚੋਰੀ ਹੈ...ਬਹੁਤ ਵੱਡੀ ਗ਼ਲਤੀ ਹੈ... ਅਸੀਂ ਬਾਕੀ ਦੋਸਤਾਂ ਲਈ ਵੀ ਇਸ ਪੋਸਟ ਦੇ ਲਿੰਕ ਖੋਲ੍ਹ ਦਿੱਤੇ ਗਏ..... ਹੁਣ ਤੱਕ 200 ਦੇ ਕਰੀਬ ਟਿੱਪਣੀਆਂ ਆ ਚੁੱਕੀਆਂ ਹਨ....ਪਾਸ਼ ਦੇ ਪ੍ਰਸ਼ੰਸ਼ਕਾਂ ਨੇ ਆਰਸੀ
ਤੇ ਦੋਸ਼ ਲਗਾਇਆ ਹੈ ਕਿ ਅਸੀਂ ਪਾਸ਼, ਉਸਦੀ ਰਚਨਾ ਅਤੇ ਸਮੁੱਚੀ ਵਿਚਾਰਧਾਰਾ ਨਾਲ ਖਿਲਵਾੜ ਕੀਤਾ ਹੈ....ਜਦ ਕਿ ਸਾਡਾ ਮਕਸਦ ਇਹ ਪਤਾ ਲਗਾਉਣਾ ਸੀ ਕਿ ਜੇ ਪਾਸ਼ ਨੇ ਇਸ ਦਾ ਤਰਜਮਾ ਕਰਕੇ ਆਪਣੀ ਨਜ਼ਮ ਬਣਾ ਕੇ ਛਾਪਿਆ ਹੈ ਤਾਂ ਸਰਾਸਰ ਗ਼ਲਤ ਹੈ.....ਜੇ ਉਸ ਨੇ ਇਸ ਦਾ ਅਨੁਵਾਦ ਕੀਤਾ ਸੀ ਤਾਂ ਇਸ ਨਾਲ਼ ਲਿਖਿਆ ਹੋਣਾ ਚਾਹੀਦਾ ਸੀ ਕਿ ਇਹ ਕਾਰਲ ਦੀ ਨਜ਼ਮ ਦਾ ਅਨੁਵਾਦ ਹੈ।
.........
ਵਧੇਰੇ ਰੋਸ ਤਾਂ ਵੀ ਜਾਗਿਆ ਕਿ ਪਾਸ਼ ਨੇ ਕਾਰਲ ਦੀ ਨਜ਼ਮ ਵਿਚਲੇ ਖ਼ਾਸ ਨਾਵਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਦਿਆਂ ਬੜੇ ਹੁਨਰ ਨਾਲ਼ ਬਦਲ ਦਿੱਤਾ ਸੀ..... ਕੁਝ ਸਾਡੇ ਪੱਖ ਵਿਚ ਸਨ ਤੇ ਕੁਝ ਸਾਡੇ ਵਿਰੋਧ ਵਿਚ.... ਅਸੀਂ ਸਮਝਾਉਣ ਦੀ ਕੋਸ਼ਿਸ਼ ਕੀਤੀ  ਕਿ ਪਾਸ਼ ਦੇ ਬਹਿਨੋਈ ਧੀਦੋ ਗਿੱਲ ਹੁਰਾਂ ਤੱਕ ਰਸਾਈ ਹੋਈ ਹੈ ( ਧੀਦੋ ਹੁਰੀਂ ਪਹਿਲਾਂ ਕਾਫ਼ੀ ਰੋਹ
ਚ ਆਏ ਤੇ ਫੇਰ ਲਗਦੈ ਕਿ ਸੁਹਿਰਦਤਾ ਨਾਲ਼ ਉਹਨਾਂ ਨੇ ਇਸ ਗੱਲ ਨੂੰ ਵਿਚਾਰਿਆ ਤੇ ਇਸ ਬਾਰੇ ਜਲਦ ਹੀ ਕੋਈ ਐਕਸ਼ਨ ਲੈ ਕੇ ਸਾਨੂੰ ਸੂਚਿਤ ਕਰਨ ਦਾ ਧਰਵਾਸਾ ਦਵਾਇਆ ) ਤੇ ਅਸੀਂ ਚਾਹੁੰਦੇ ਹਾਂ ਕਿ ਅਗਲੇ ਐਡੀਸ਼ਨਾਂ ਵਿਚ ਇਹ ਨਜ਼ਮ ਪਾਸ਼ ਦੇ ਅਨੁਵਾਦ ਦੇ ਤੌਰ ਤੇ ਪ੍ਰਕਾਸ਼ਿਤ ਹੋਵੇ.....ਉਸ ਦੀ ਆਪਣੀ ਰਚਨਾ ਦੀ ਤਰ੍ਹਾਂ ਨਹੀਂ.....ਸਾਰੀ ਪੋਸਟ...( ਟਿੱਪਣੀਆਂ ਸਹਿਤ ) ਆਰਸੀ ਬਲੌਗ ਤੇ ਇਸ ਕਰਕੇ ਪੋਸਟ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਬਹੁਤ ਸਾਰੇ ਲੇਖਕ ਅਤੇ ਪਾਠਕ ਦੋਸਤ ਫੇਸਬੁੱਕ ਤੇ ਨਹੀਂ ਹਨ....ਉਹਨਾਂ ਦੇ ਵਿਚਾਰ ਜਾਨਣੇ ਵੀ ਜ਼ਰੂਰੀ ਹਨ....ਦੋਵੇਂ ਨਜ਼ਮਾਂ ਅਤੇ ਸਾਰੀਆਂ ਟਿੱਪਣੀਆਂ ਤੁਹਾਡੀ ਸਹੂਲੀਅਤ ਲਈ ਜਿਉਂ ਦੀਆਂ ਤਿਉਂ ਪੋਸਟ ਕੀਤੀਆਂ ਜਾ ਰਹੀਆਂ ਹਨ.....ਕਿਰਪਾ ਕਰਕੇ ਵਕ਼ਤ ਕੱਢ ਕੇ ਪੜ੍ਹੋ...ਵਿਚਾਰੋ ਅਤੇ ਸਾਡੇ ਨਾਲ਼ ਇਹ ਵਿਚਾਰ ਸਾਂਝਾ ਜ਼ਰੂਰ ਕਰੋ ਕਿ ਅਸੀਂ ਕਿੱਥੇ ਗ਼ਲਤ ਸਾਂ ???? ਕੀ ਕਿਸੇ ਰਚਨਾ ਤੇ ਵਿਚਾਰ-ਚਰਚਾ ਵੀ ਗੁਨਾਹ ਹੈ??? ਆਖ਼ਿਰ ਅਸੀਂ ਲੋਕ ਲੇਖਕ ਭਗਤੀ ਚ ਏਨੇ ਗੜੂੰਦ ਹੋ ਕੇ ਸੱਚਾਈ ਤੋਂ ਮੂੰਹ ਕਿਉਂ ਮੋੜ ਲੈਂਦੇ ਹਾਂ??? ਕੀ ਲੇਖਕ ਖ਼ੁਦਾ ਹੁੰਦਾ ਹੈ ਉਸਦੀ ਲਿਖਤ ਬਾਰੇ ਚਰਚਾ ਆਰੰਭਣੀ ਗੁਨਾਹ ਜਾਂ ਕੁਫ਼ਰ ਹੈ???? ਕੀ ਅਨੁਵਾਦਾਂ ਨੂੰ ਆਪਣੀ ਲੇਖਣੀ ਨਾਲ਼ ਰਲ਼ਗੱਡ ਕਰਨਾ ਉਚਿਤ ਹੈ???? ਬਹੁਤਾ ਕੁਝ ਨਾ ਕਹਿੰਦਿਆਂ....ਅਸੀਂ ਦੋਵੇਂ ਨਜ਼ਮਾਂ ਏਥੇ ਪੋਸਟ ਕਰ ਰਹੇ ਹਾਂ..ਟਿੱਪਣੀਆਂ ਵੀ ਕਾਫ਼ੀ ਨੇ..ਪਰ ਇਕ-ਇਕ ਕਰਕੇ ਜਲਦੀ ਪੋਸਟ ਕਰ ਦੇਵਾਂਗੇ....ਤੁਹਾਡੇ ਪ੍ਰਤੀਕਰਮਾਂ ਦੀ ਉਡੀਕ ਰਹੇਗੀ ਦੋਸਤੋ...:) ਬਹੁਤ-ਬਹੁਤ ਸ਼ੁਕਰੀਆ... ਅਦਬ ਸਹਿਤ...ਤਨਦੀਪ
====
Punjabi Aarsi
ਦੋਸਤੋ! ਇਹ ਅੰਗਰੇਜ਼ੀ ਦੇ ਸੁਪ੍ਰਸਿੱਧ ਲੇਖਕ ਕਾਰਲ ਸੈਂਡਬਰਗ ਦੀ ਨਜ਼ਮ 'ਗਰਾਸ' ਹੈ...ਇਹਨੂੰ ਪੜ੍ਹ ਕੇ ਭਲਾ ਕੁਝ ਯਾਦ ਆਉਂਦੈ...??? ਲਗਾਓ ਜ਼ੋਰ ਦਿਮਾਗ਼ 'ਤੇ .....ਮੈਨੂੰ ਤੁਹਾਡੇ ਪ੍ਰਤੀਕਰਮਾਂ ਦਾ ਇੰਤਜ਼ਾਰ ਰਹੇਗਾ..:)
========
Grass

Pile the bodies high at Austerlitz and Water
loo.
Shovel them under and let me work--
I am the grass; I cover all.

And pile them high at Gettysburg
And pile them high at Ypres and Verdun.
Shovel them under and let me work.
Two years, ten years, and the passengers ask the conductor:
What place is this?
Where are we now?

I am the grass.
Let me work.
Carl Sandburg
=====
ਪਾਸ਼ ਦੀ ਨਜ਼ਮ  ਬਲਜੀਤ ਬਾਸੀ ਸਾਹਿਬ ਦੀ ਟਿੱਪਣੀ ਵਿੱਚੋਂ....ਧੰਨਵਾਦ ਸਹਿਤ...ਬਲੌਗ ਦੇ ਪਾਠਕਾਂ ਲਈ :)
ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ ਤੇ ਉੱਗ ਆਵਾਂਗਾ|
ਬੰਬ ਸੁੱਟ ਦਿਉ ਭਾਵੇਂ ਵਿਸ਼ਵ ਵਿਦਿਆਲੇ ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ ਤੇ ਉੱਗ ਆਵਾਂਗਾ|
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੁੜ ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ
ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ|"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ ਤੇ ਉੱਗ ਆਵਾਂਗਾ|
By Pash
----
ਇਹ ਪੋਸਟ ਪੜ੍ਹਨ ਤੋਂ ਬਾਅਦ ਫੇਸਬੁੱਕ 'ਤੇ ਹੋਈ ਭਰਵੀਂ ਅਤੇ ਭਖਵੀਂ ਵਿਚਾਰ-ਚਰਚਾ ਨੂੰ ਪੜ੍ਹਨ ਲਈ ਟਿੱਪਣੀਆਂ ਵਾਲ਼ਾ ਸੈਕਸ਼ਨ ਵੇਖਣਾ ਨਾ ਭੁੱਲਣਾ ਜੀ...ਜਿਸ ਨੂੰ ਜਿਉਂ ਦਾ ਤਿਉਂ ਅਪਡੇਟ ਕੀਤਾ ਗਿਆ ਹੈ....:)